http://www.perlmonks.org?node_id=907639

ਬਾਬਾ ਜੀ 'ਕੱਲੇ' ਪੂਰੇ ਸਤਿਗੁਰੂ ਮਿਹਰ ਜਾਂ ਕੀਤੀ, ਸ਼ਾਦੀ ਦਾ ਦਿਨ ਆਇਆ
ਸਤਿਗੁਰੂ ਦੇ ਧੰਨਵਾਦ ਵਾਸਤੇ, ਅਖੰਡ ਪਾਠ ਰਖਵਾਇਆ
ਅਖੰਡ ਪਾਠ ਦੇ ਕਮਰੇ ਲਾਗੇ, ਟੈਲੀਵਿਜ਼ਨ ਚੱਲੇ
ਸਾਰਾ ਟੱਬਰ ਟੀ ਵੀ ਅੱਗੇ, ਬਾਬਾ ਜੀ ਨੇ 'ਕੱਲੇ'
ਪਾਠ ਕੋਈ ਵੀ ਸੁਣਦਾ ਨਹੀਓ, ਪਾਠੀ ਜਾਵੇ ਪੜ੍ਹਦਾ
ਬੀਬੀ ਆਖੇ ਸਮਾਂ ਨਹੀ ਮੈਥੋਂ, ਤਵੇ ਤੇ ਫੁਲਕਾ ਸੜਦਾ
ਆਏ ਪਰਾਹੁਣੇ ਕੀ ਖਾਣਗੇ, ਟੱਬਰ ਵਿਉਂਤਾ ਘੜ੍ਹਦਾ
ਪੈਹਰੇ ਉੱਤੇ ਕੋਈ ਨਾ ਬੈਠਾ, ਅੰਦਰ ਕੁੱਤਾ ਵੜਦਾ
ਸ਼ਰਧਾ ਵਾਲੀ ਗੱਲ ਨਾ ਕੋਈ, ਗੱਲ ਪਏ ਢੋਲ ਵਜਾਏ
ਕਾਰਜ ਆਪੇ ਰਾਸ ਹੋਣਗੇ, ਸਤਿਗੁਰੂ ਘਰ ਜੋ ਆਏ
ਕੋਠੇ ਉੱਤੇ ਭੱਜੇ ਫਿਰਦੇ, ਗੁਰੂ ਗ੍ਰੰਥ ਜੀ ਥੱਲੇ
ਘਰ ਵਿੱਚ ਵੇਖੋ ਕਿਨੇਂ ਮੈਂਬਰ, ਬਾਬਾ ਜੀ ਨੇ 'ਕੱਲੇ'
ਕਦੇ-ਕਦੇ ਕੋਈ ਅੰਦਰ ਆਕੇ, ਅਗਰਬੱਤੀ ਨੇ ਲਾਉਂਦੇ
ਅਗਰਬੱਤੀਆਂ ਲਾ ਕੇ ਜਾਪਣ, ਇਦਾਂ ਭੁੱਲ ਬਖਸ਼ਾਉਂਦੇ
ਰੇਲ ਗੱਡੀ ਦੇ ਇੰਜਣ ਵਾਂਗੂੰ, ਬੱਚੇ ਰੌਲਾ ਪਾਉਂਦੇ
ਰਾਤ ਪਈ ਤਾਂ ਸਾਰੇ ਸੌਂ ਗਏ ਬਾਬਾ ਜੀ ਦੇ ਲਾਗੇ
ਸ਼ਬਦ ਗੁਰੂ ਤਾਂ ਵਾਜਾਂ ਮਾਰੇ ਕੋਈ ਨਾ ਸੁੱਤਾ ਜਾਗੇ
ਏਦਾਂ ਸੌਂ ਕੇ ਰਾਤ ਗੁਜ਼ਾਰੀ ਮਸਤੀ ਹੇਠ ਦਬੱਲੇ
ਸਾਰੇ ਸੌਂ ਗਏ ਕੌਣ ਜਾਗਦਾ ਬਾਬਾ ਜੀ ਨੇ 'ਕੱਲੇ'
ਰੌਲੇ ਰੱਪੇ ਦੇ ਵਿਚ ਬੀਤੇ, ਏਦਾਂ ਤਿੰਨ ਦਿਹਾੜੇ
ਹੀਰਾ ਮੋਤੀ ਹੱਥ ਨਾ ਆਇਆ, ਭਾਗ ਨੇ ਕਿੰਨੇ ਮਾੜੇ
ਟੱਬਰ ਵਿਚੋਂ ਲਾਈ ਕਿਸੇ ਨੇ ਪਾਠੀ ਉੱਤੇ ਰੋਕ
ਫਰੀਦ,ਕਬੀਰ ਦੇ ਲਿਖੇ ਸੁਣਾਉ, ਸਾਨੂੰ ਜਰਾ ਸਲੋਕ
ਪਾਠੀ ਕਹਿੰਦਾ : - ਪਾਠ ਸੁਣਨ ਦਾ ਵੇਲਾ ਸੀ ਜਦ, ਦੁਨੀਆਂ ਦੇ ਵਿਚ ਰੰਗੇ
ਭੋਗ ਦੀ ਬਿਲਕੁਲ ਤਿਆਰੀ ਹੁਣ ਤਾਂ, ਸਲੋਕ ਕਦੋਂ ਦੇ ਲੰਘੇ
ਤਾਬਿਆ ਦੇ ਵਿਚ ਬੈਠਾ ਪਾਠੀ, ਕਿਵੇਂ ਸੁਨੇਹਾ ਘੱਲੇ
ਜਦੋਂ ਸਲੋਕ ਸੀ ਸੁਣੇ-ਸੁਣਾਏ, ਬਾਬਾ ਜੀ ਸੀ 'ਕੱਲੇ'
ਟੱਬਰ ਦੇ ਕੁੱਝ ਮੈਂਬਰ ਆ ਕੇ, ਪਾਠੀ ਨੂੰ ਫੁਰਮਾਉਂਦੇ
ਭੋਗ ਨਾ ਹਾਲੇ ਛੇਤੀ ਪਾਇਉ, ਦਾਰਜੀ ਨੇ ਨਹਾਉਂਦੇ
ਨਹਾ ਧੋ ਕੇ ਦਾਰਜੀ ਆਏ, ਲੈਣ ਗੁਰੂ ਤੋਂ ਮੇਵਾ
ਚੌਰ ਫੱੜ ਕੇ ਵੀਡੀਓ ਅਗੇ, ਉਨ੍ਹਾਂ ਖੂਬ ਨਿਭਾਈ ਸੇਵਾ
ਰਾਗੀ ਸਿੰਘਾਂ ਟੱਬਰ ਏਸ ਦੇ, ਸਿਫਤਾਂ ਦੇ ਪੁਲ ਬੰਨ੍ਹੇ
ਝੂਠ ਨਹੀਂ, ਇਹ 'ਗੁਰਮੁਖ' ਪੂਰੇ ਸਾਰਾ ਸ਼ਹਿਰ ਹੀ ਮੰਨੇ
ਵਿਚ ਪਲਾਂ ਦੇ 'ਗੁਰਮੁਖ' ਪਦਵੀ, ਬੰਨ੍ਹ ਦਿੱਤੀ ਏ ਪੱਲੇ
ਸਾਰਾ ਪਾਠ ਤਾਂ ਆਪੇ ਸੁਣਿਆ, ਬਾਬਾ ਜੀ ਨੇ 'ਕੱਲੇ'
ਪੈਲੇਸ ਦੇ ਵਿਚ ਬੁੱਕ ਕਰਾਏ, ਅੱਜ ਦੇ ਲਾਵਾਂ ਫੇਰੇ
ਸਤਿਗੁਰ ਕਾਜ ਸਵਾਰਨ ਖਾਤਰ, ਪਹੁੰਚੇ ਹੋਏ ਸਵੇਰੇ
ਬਾਰਾਂ ਵਜੇ ਤੋਂ ਪਿੱਛੇ ਜਾ ਕੇ, ਕਿਤੇ ਬਰਾਤ ਜਾਂ ਆਈ
ਥੱਕ ਹਾਰ ਕੇ ਲੰਮਾ ਪੈ ਗਿਆ, ਗੁਰਦੁਆਰੇ ਦਾ ਭਾਈ
ਸਿਹਰੇ ਲੱਗੇ, ਕਲਗੀ ਲੱਗੀ, ਜੈ ਮਾਲਾ ਵੀ ਪਾਈ
ਫਿਲਮੀ ਧੁਨ ਤੇ ਗੂੰਜ ਰਹੀ ਹੈ, ਕੰਨ ਪਾੜ ਸ਼ਹਿਨਾਈ
ਵੇਖੋ ਕਿੰਨਾ ਖਰਚਾ ਕੀਤਾ, ਹੋ ਗਈ ਬੱਲੇ-ਬੱਲੇ
ਤਾਬਿਆ ਵਿਚ ਗ੍ਰੰਥੀ ਬੈਠਾ, ਜਾਂ ਬਾਬਾ ਜੀ ਨੇ 'ਕੱਲੇ
ਵੱਖ-ਵੱਖ ਖਾਣਾ ਖਾ ਕੇ ਕਹਿੰਦੇ, ਆਇਆ ਬੜਾ ਸੁਆਦ
ਜਿਸ ਭੱਟੀ ਤੇ ਮੀਟ ਸੀ ਬਣਿਆ, ਉਸੇ ਤੇ ਪ੍ਰਸ਼ਾਦ
ਪੈਲੇਸ ਦੇ ਵਿਚ ਪਾਣੀ ਵਾਂਗੂੰ, ਡੁੱਲ੍ਹਦੀ ਫਿਰੇ ਸ਼ਰਾਬ
ਅੰਨ-ਪਾਣੀ ਤਾਂ ਥੋੜਾ ਖਾਧਾ, ਕੀਤਾ ਬੜਾ ਖ਼ਰਾਬ
ਗਾਉਣ ਵਾਲੀ ਨੇ ਗੀਤ ਸੀ ਗਾ ਕੇ, ਵਾਹਵਾ ਰੰਗ ਜਮਾਇਆ
ਗੁਰੂ ਗ੍ਰੰਥ ਨੂੰ ਮੱਥਾ ਟੇਕਣ, ਉਥੇ ਕੋਈ ਨਾ ਆਇਆ
ਖਾ ਪੀ ਕੇ ਡਿਗਦੇ ਏਦਾਂ, ਹੁੰਦੇ ਕਮਲੇ ਝੱਲੇ
ਗਾਉਣ ਵਾਲੀ ਨੇ ਰੋਣਕ ਜਿੱਤੀ, ਬਾਬਾ ਜੀ ਰਹੇ 'ਕੱਲੇ
ਦੁਨੀਆਂ ਦੀ ਵਡਿਆਈ ਪਿੱਛੇ, ਕਾਹਨੂੰ ਧਰਮ ਗੁਆਉਂਣਾ
ਪੂਰੇ ਗੁਰੂ ਦੀ ਬਾਣੀ ਸੁਣ ਕੇ, ਜੀਵਨ ਸਫਲ ਬਣਾਉਂਣਾ
ਹੀਰੇ ਵਰਗਾ ਜਨਮ ਹੈ ਤੇਰਾ, ਫੇਰ ਹੱਥ ਨਹੀਂ ਆਉਂਣਾ
ਪੜ੍ਹਨ ਸੁਣਨ ਨੂੰ ਆਏ ਬਾਣੀ, ਇਹੋ ਬਚਨ ਕਮਾਉਂਣਾ